ਡੇਹਰਾ ਵਿੱਚ ਮੁੱਖ ਮੰਤਰੀ ਅਤੇ ਐਸਪੀ ਦਫ਼ਤਰਾਂ ਦਾ ਕੀਤਾ ਉਦਘਾਟਨ ਪੰਜਾਬ ਨਿਊਜ਼ਲਾਈਨ ਸ਼ਿਮਲਾ, 5 ਨਵੰਬਰ- ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਜ਼ਿਲ੍ਹਾ ਕਾਂਗੜਾ ਦੇ ਡੇਹਰਾ ਵਿਧਾਨ ਸਭਾ ਹਲਕੇ ਵਿੱਚ ਮੁੱਖ ਮੰਤਰੀ ਅਤੇ ਐਸਪੀ ਦਫ਼ਤਰਾਂ ਦਾ ਉਦਘਾਟਨ ਕਰਕੇ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਡੇਹਰਾ ਵਿਧਾਨ ਸਭਾ ਹਲਕਾ ਵਿਕਾਸ ਪੱਖੋਂ ਪਛੜ ਗਿਆ ਹੈ, ਇਸ ਲਈ ਸਰਕਾਰ ਹੁਣ ਇਸ ਦੇ ਵਿਕਾਸ ਨੂੰ ਤਰਜੀਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਡੇਹਰਾ ਵਿਖੇ ਮੁੱਖ ਮੰਤਰੀ ਦਫ਼ਤਰ ਖੁੱਲ੍ਹ ਗਿਆ ਹੈ, ਜਿੱਥੇ ਹੁਣ ਸ਼ਿਮਲਾ ਦਫ਼ਤਰ ਦੇ ਕੁਝ ਅਧਿਕਾਰੀ ਅਤੇ ਸਟਾਫ਼ ਤਾਇਨਾਤ ਕੀਤਾ ਜਾਵੇਗਾ, ਜਿਸ ਨਾਲ ਵਸਨੀਕਾਂ ਨੂੰ ਆਪਣੇ ਕੰਮਾਂ-ਕਾਰਾਂ ਲਈ ਸ਼ਿਮਲਾ ਜਾਣ ਦੀ ਜ਼ਰੂਰਤ ਘੱਟ ਜਾਵੇਗੀ। ਮੁੱਖ ਮੰਤਰੀ ਨੇ ਡੇਹਰਾ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਵੱਖ-ਵੱਖ ਨਵੀਆਂ ਪਹਿਲਕਦਮੀਆਂ ਦਾ ਜ਼ਿਕਰ ਕੀਤਾ। ਲੋਕ ਨਿਰਮਾਣ ਵਿਭਾਗ, ਜਲ ਸ਼ਕਤੀ ਵਿਭਾਗ ਅਤੇ ਬਿਜਲੀ ਬੋਰਡ ਦੇ ਖੇਤਰੀ ਦਫ਼ਤਰਾਂ ਸਮੇਤ ਐਸਪੀ ਦਫ਼ਤਰਾਂ ਨੂੰ ਇਲਾਕੇ ਲਈ ਲੋੜੀਂਦੇ ਸਟਾਫ਼ ਸਮੇਤ ਮਨਜ਼ੂਰੀ ਦਿੱਤੀ ਗਈ ਹੈ। ਸਿਹਤ ਸੰਭਾਲ ਨੂੰ ਬਿਹਤਰ ਬਣਾਉਣ ਲਈ ਸਿਵਲ ਹਸਪਤਾਲ ਡੇਹਰਾ ਵਿਖੇ ਕ੍ਰਿਟੀਕਲ ਕੇਅਰ ਯੂਨਿਟ ਅਤੇ ਬੀ.ਐਮ.ਓ ਦਫ਼ਤਰ ਵੀ ਸਥਾਪਿਤ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਕਾਂਗੜਾ ਜ਼ਿਲ੍ਹੇ ਨੂੰ ਸੂਬੇ ਦੀ ਸੈਰ-ਸਪਾਟਾ ਰਾਜਧਾਨੀ ਵਜੋਂ ਵਿਕਸਤ ਕਰਨ ਲਈ ਕੰਮ ਕਰ ਰਹੀ ਹੈ ਅਤੇ ਇਸ ਮੰਤਵ ਲਈ ਡੇਹਰਾ ਵਿਖੇ ਮਹੱਤਵਪੂਰਨ ਪ੍ਰਾਜੈਕਟ ਚੱਲ ਰਹੇ ਹਨ।