ਨਾਲੇ ਦੀ ਪ੍ਰਭਾਵਸ਼ਾਲੀ ਸਫ਼ਾਈ ਲਈ ਨੈਬੂਲਾ ਗਰੁੱਪ ਦੀ ਮੁਹਾਰਤ ਦੀ ਵਰਤੋਂ ਪੰਜਾਬ ਨਿਊਜ਼ਲਾਈਨ, ਚੰਡੀਗੜ੍ਹ, 20 ਸਤੰਬਰ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਮਿਸ਼ਨ ਮੋਡ ‘ਤੇ ਲੁਧਿਆਣਾ ਵਿੱਚ ਬੁੱਢੇ ਨਾਲੇ ਦੀ ਸਾਫ਼-ਸਫ਼ਾਈ ਲਈ ਤਿੰਨ ਗੇੜਾਂ ਵਾਲਾ ਬਹੁ-ਪੱਖੀ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ। ਇੱਥੇ ਵਿਸ਼ਵ ਪ੍ਰਸਿੱਧ ਨੈਬੂਲਾ ਗਰੁੱਪ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮਾਨ ਨੇ ਜਲ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਇਸ ਦੀ ਮੁਹਾਰਤ ਲਈ ਗਰੁੱਪ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਮੁਹਿੰਮ ਨੈਬੂਲਾ ਗਰੁੱਪ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਜਾਵੇਗੀ ਅਤੇ ਨੈਨੋ ਪੱਧਰ ‘ਤੇ ਨੈਬੂਲਾ ਓਜ਼ੋਨੇਸ਼ਨ ਤਕਨੀਕ ਨਾਲ ਕੈਂਸਰ ਦਾ ਕਾਰਨ ਬਣਨ ਵਾਲੀਆਂ ਅਸ਼ੁੱਧੀਆਂ ਨੂੰ ਦੂਰ ਕਰਨ ਲਈ ਲੁਧਿਆਣਾ ਦੇ ਬੁੱਢੇ ਨਾਲੇ ਦੀ ਸਫ਼ਾਈ ਕਰਨਾ ਹੋਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਾਣੀ ਦੇ ਕੁੱਲ ਘੁਲਣਸ਼ੀਲ ਠੋਸ (ਟੀਡੀਐਸ) ਪੱਧਰ ਨੂੰ 100 ਤੋਂ ਹੇਠਾਂ ਲਿਆਉਣ ਦਾ ਟੀਚਾ ਰੱਖਿਆ ਜਾਵੇਗਾ, ਜਿਸ ਨਾਲ ਇਸ ਨੂੰ ਪੀਣ ਯੋਗ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੇ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਹੈ ਕਿ ਨੈਬੂਲਾ ਓਜ਼ੋਨ ਦੀ ਨੈਨੋ-ਪੱਧਰ ਦੀ ਤਕਨੀਕ ਪਾਣੀ ਵਿੱਚੋਂ ਕੈਂਸਰ ਪੈਦਾ ਕਰਨ ਵਾਲੇ ਤੱਤਾਂ ਅਤੇ ਅਸ਼ੁੱਧੀਆਂ ਨੂੰ ਦੂਰ ਕਰਨ ਲਈ ਇੱਕ ਸਾਬਤ ਉਪਾਅ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਜਾਣ ਵਾਲੇ ਤਿੰਨ ਪੜਾਅ ਪ੍ਰੋਗਰਾਮ ਦਾ ਉਦੇਸ਼ ਬੁੱਢੇ ਨਾਲੇ ਵਿੱਚ ਪਾਣੀ ਦੀ ਗੁਣਵੱਤਾ ਨੂੰ ਬਹਾਲ ਕਰਨਾ ਹੈ।